- India
- Mon Dec 2024
ਸਾਹਿਤ ਵਿਚ ਮੰਟੋ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਹੈ। ‘ਮੰਟੋ ਦੀਆਂ ਵਿਵਾਦਿਤ ਕਹਾਣੀਆਂ’ ਨੂੰ ਪੰਜਾਬੀ ਵਿਚ ਸੰਪਾਦਿਤ ਕਰਨ ਦਾ ਮਨੋਰਥ ਇਹ ਸੀ ਕਿ ਲੋਕਾਂ ਅੰਦਰ ਬੇਬਾਕੀ ਨਾਲ਼ ਬੋਲਣ ਤੇ ਸੋਚਣ ਦੀ ਚਿਣਗ ਪੈਦਾ ਹੋਵੇ। ਬੇਸ਼ੱਕ ਉਸ ਉੱਪਰ ਅਸ਼ਲੀਲਤਾ ਦੇ ਇਲਜ਼ਾਮ ਵੀ ਲੱਗੇ ਪਰ ਉਸਨੇ ਸਾਬਿਤ ਕੀਤਾ ਹੈ ਕਿ ਉਹ ਸਿਰਫ ਉਹੀ ਲਿਖਦਾ ਜੋ ਉਹ ਮਹਿਸੂਸ ਕਰਦਾ ਹੈ ਤੇ ਜੋ ਵੇਖਦਾ ਹੈ।ਉਸਨੇ ਆਪਣੀ ਪਹਿਲੀ ਕਹਾਣੀ ਤਮਾਸ਼ਾ 1931 ਵਿਚ ਜੱਲ੍ਹਿਆਂ ਵਾਲ਼ੇ ਬਾਗ਼ ਦੇ ਖ਼ੂਨੀ ਕਾਂਢ ਤੋਂ ਪ੍ਰਭਾਵਿਤ ਹੋ ਕੇ ਲਿਖੀ । ਭਾਵੇਂਕਿ ਮੰਟੋ ਦੀਆਂ ਰਚਨਾਵਾਂ ਦਾ ਲਿਖਣ ਸਮਾਂ ਅੱਜ ਤੋਂ ਕੁਝ 70 80 ਸਾਲ ਪਹਿਲਾਂ ਦਾ ਹੈ ਪਰ ਪੜ੍ਹਦਿਆਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਅਜੋਕੇ ਸਮਾਜ ਦੀ ਹੀ ਕਿੱਸੇ ਘਟਨਾ ਦਾ ਚਿਤਰਨ ਹੋ ਰਿਹਾ ਹੋਵੇ । ਬੇਸ਼ੱਕ ਮੰਟੋ ਉੱਤੇ ਅਸ਼ਲੀਲ ਹੋਣ ਅਤੇ ਸਮਾਜ ਵਿਚ ਅਸ਼ਲੀਲਤਾ ਨੂੰ ਫੈਲਾਉਣ ਦੇ ਇਲਜ਼ਾਮ ਲੱਗਦੇ ਰਹੇ ਹਨ ਅਤੇ ਕਈ ਵਾਰ ਇਸ ਲਈ ਉਸਨੂੰ ਮੁਕੱਦਮਿਆਂ ਵਿਚ ਵੀ ਉਲਝਣਾ ਪਿਆ ਹੈ ਪਰ ਹਰ ਵਾਰ ਉਹ ਇਹਨਾਂ ਵਰਤਾਰਿਆਂ 'ਚੋਂ ਬਾਇੱਜ਼ਤ ਬਰੀ ਹੁੰਦਾ ਰਿਹਾ ਹੈ । ਉਸਦਾ ਕਹਿਣਾ ਸੀ ਕਿ ਮੈਂ ਕੁਝ ਵੀ ਅਜਿਹਾ ਨਹੀਂ ਲਿਖਿਆ ਜੋ ਸਮਾਜ ਵਿਚ ਵਾਪਰ ਨਾ ਰਿਹਾ ਹੋਵੇ , ਉਸਦੀਆਂ ਲਿਖਤਾਂ ਅਸਲ ਵਿਚ ਇਸ ਸਮਾਜ ਲਈ ਸ਼ੀਸ਼ੇ ਦਾ ਕੰਮ ਕਰਦੀਆਂ ਆ ਰਹੀਆਂ ਹਨ । ਇਸ ਘਟੀਆ ਜ਼ਮਾਨੇ ਦੇ ਅਸਲੀ ਚਿਹਰੇ ਨੂੰ ਸਾਹਿਤ ਵਿਚ ਪੇਸ਼ ਕਰਨ ਕਾਰਨ ਹੀ ਉਸਨੂੰ ਕਈ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਪਿਆ । ਉਸਦੀਆਂ ਲਿਖਤਾਂ ਵਿਚ ਔਰਤ ਪ੍ਰਤੀ ਇੱਕ ਖ਼ਾਸ ਕਿਸਮ ਦੀ ਹਮਦਰਦੀ ਸੀ । ਆਪਣੀਆਂ ਲਿਖ਼ਤਾਂ ਬਾਰੇ ਮੰਟੋ ਦੁਆਰਾ ਲਿਖੇ ਕਥਨ "ਜ਼ਮਾਨੇ ਦੇ ਜਿਸ ਦੌਰ 'ਚੋਂ ਅਸੀਂ ਗੁਜ਼ਰੇ ਹਾਂ ਜੇਕਰ ਤੁਸੀਂ ਉਸ ਤੋਂ ਵਾਕਿਫ਼ ਨਹੀਂ ਤਾਂ ਮੇਰੀਆਂ ਕਹਾਣੀਆਂ ਪੜ੍ਹੋ" ਇਸ ਗੱਲ ਦਾ ਸਬੂਤ ਸਨ ਕਾ ਅਸ਼ਲੀਲ ਮੰਟੋ ਨਹੀਂ ਸਗੋਂ ਉਹ ਸਮਾਜ ਹੈ ਜਿਸ ਵਿਚ ਮੰਟੋ ਵਰਗੇ ਲੱਖਾਂ ਸਾਹਿਤਕਾਰ ਆਪਣੀਆਂ ਰਚਨਾਵਾਂ ਨੂੰ ਜਨਮ ਦੇ ਰਹੇ ਹਨ। ਆਖ਼ਿਰ ਵਿਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਚੰਗੇ ਨਜ਼ਰੀਏ ਵਾਲ਼ੇ ਪਾਠਕ ਨੂੰ ਉਸ ਦੁਆਰਾ ਰਚਿਤ ਸਾਹਿਤ ਜ਼ਰੂਰ ਪੜ੍ਹਨਾ ਚਾਹੀਦਾ ਹੈ।